Tuesday, August 17, 2010

''ਹਾਇ ਉਇ ਉਜਾੜਤਾ ਮੇਰਾ ਪੰਜਾਬ ਇਹਨਾਂ ਨੇ”

*************************************************


ਸ:ਜਸਵੰਤ ਸਿੰਘ ਕੰਵਲ
--  ਦਰਸ਼ਨ ਦਰਵੇਸ਼





ਕਾਫ਼ੀ ਸਾਲਾਂ ਬਾਦ ਪਿੰਡ ਵਿੱਚ ਦੋ ਦਿਨ ਗੁਜ਼ਾਰਨ ਦਾ ਸਬੱਬ ਬਣ ਗਿਆ। ਇਹ ਗੱਲ ਨਹੀਂ ਕਿ ਮੈਂ ਪਿਛਲੇ ਸਮੇਂ ਦੌਰਾਨ ਪਿੰਡਾਂ ਵਿੱਚ ਗਿਆ ਹੀ ਨਹੀਂ। ਬਲਕਿ ਵੱਧ ਗਿਆ ਹਾਂ ਕਿਉਂਕਿ ਹਰ ਸਾਲ ਸਾਨੂੰ ਸਾਡੀ ਕਿਸੇ ਨਾਂ ਕਿਸੇ ਫਿਲਮ ਦੀ ਸ਼ੂਟਿੰਗ ਵਾਸਤੇ ਪੰਜਾਬ ਦੇ ਪਿੰਡਾਂ ਵਿੱਚ ਜਾਣਾਂ ਹੀ ਪਿਆ ਹੈ, ਪਰ ਉਦੋਂ ਮੌਕਾ ਹੀ ਅਜਿਹਾ ਹੁੰਦਾ ਹੈ ਕਿ ਤੁਸੀਂ ਲੋਕੇਸ਼ਨ ਛੱਡਕੇ ਕਿਸੇ ਪਾਸੇ ਹੋਰ ਜਾ ਹੀ ਨਹੀਂ ਸਕਦੇ, ਲੋਕਾਂ ਨਾਲ ਵਿਚਰਨਾਂ ਤਾਂ ਬਹੁਤ ਦੂਰ ਦੀ ਗੱਲ। ਇਸ ਵਾਰ ਤਾਂ ਸਬੱਬ ਹੀ ਅਜਿਹਾ ਸੀ ਕਿ ਸ਼ੂਟਿੰਗ ਵੀ ਕਰਨੀਂ ਸੀ ਅਤੇ ਪਿੰਡ ਦੀਆਂ ਗਲੀਆਂ ਅੰਦਰ ਵੀ ਘੁੰਮਣਾਂ ਸੀ।



ਪਿਛਲੇ ਦਿਨੀਂ ਜਦੋਂ ਸਾਡੇ ਸਤਿਕਾਰਯੋਗ ਲੇਖਕ ਸ. ਜਸਵੰਤ ਸਿੰਘ ਕੰਵਲ ਇਕਾਨਵੇਂ ਸਾਲਾਂ ਦੇ ਹੋਏ, ਤਾਂ ਉਹਨਾਂ ਦੇ ਜੱਦੀ ਪਿੰਡ ਢੁੱਡੀਕੇ, ਜ਼ਿਲਾ ਮੋਗਾ ਵਿਖੇ ਉਹਨਾਂ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਪ੍ਰਸਿੱਧ ਫਿਲਮ ਨਿਰਦੇਸ਼ਕ ਮਨਮੋਹਨ ਸਿੰਘ ਹੁਰਾਂ ਨੇ ਮੈਨੂੰ ਉਹਨਾਂ ਦੀ ਡਾਕੂਮੈਂਟਰੀ ਫਿਲਮ ਤਿਆਰ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਮੈਂ ਆਪਣੀਂ ਪੂਰੀ ਟੀਮ ਨਾਲ ਇੱਕ ਦਿਨ ਪਹਿਲਾਂ ਹੀ ਦੁਪਹਿਰ ਤੱਕ ਕੰਵਲ ਹੋਰਾਂ ਦੇ ਪਿੰਡ ਉਹਨਾਂ ਦੇ ਨਿਵਾਸ ਸਥਾਨ ਉੱਪਰ ਪਹੁੰਚ ਗਿਆ। ਕਿਉਂਕਿ ਉਹਨਾਂ ਨਾਲ ਮੁਲਾਕਾਤ, ਉਹਨਾਂ ਦਾ ਰੋਜ਼ਨਾਮਚਾ, ਲਿਖਣ ਅਦਾਇਗੀ

ਅਤੇ ਉਹਨਾਂ ਦੇ ਹੋਰ ਬਹੁਤ ਸਾਰੇ ਰੁਝੇਵੇਂ ਇੱਕ ਦਿਨ ਪਹਿਲਾਂ ਹੀ ਕੈਮਰੇ ਵਿੱਚ ਸੰਭਾਲਣੇਂ ਪੈਣੇਂ ਸਨ। ਇਹ ਸਾਰਾ ਕੁੱਝ ਕਵਰ ਕਰਦਿਆਂ ਮੈਂ ਪਹਿਲੀ ਵਾਰ ਜਸਵੰਤ ਸਿੰਘ ਹੋਰਾਂ ਨੂੰ ਏਨਾਂ ਨੇੜਿਉਂ ਹੋਕੇ ਮਿਲਿਆ ਸੀ। ਮੇਰੇ ਲਈ ਇਸ ਤੋਂ ਵੱਡੀ ਹੋਰ ਕੋਈ ਖੁਸ਼ੀ ਨਹੀਂ ਸੀ ਉਹਨਾਂ ਦੋਨਾਂ ਦਿਨਾਂ ਅੰਦਰ। ਕੰਵਲ ਹੋਰਾਂ ਦਾ ਦੋਹਤਾ ਪ੍ਰੋਫੈਸਰ ਸੁਮੇਲ ਹਰ ਕੋਣ ਤੋਂ ਮੇਰੀ ਮੱਦਦ ਕਰ ਰਿਹਾ ਸੀ। ਕੁੱਝ ਵੀ ਬੋਲਣ ਵਾਸਤੇ ਕੰਵਲ ਸਾਹਿਬ ਨੂੰ ਮੂਡ ਵਿੱਚ ਲਿਆਉਣ ਲਈ ਸੁਮੇਲ ਨੂੰ ਥੋੜ੍ਹੀ ਦੇਰ ਬਾਦ ਹੀ ਕਿਸੇ ਨਾਂ ਕਿਸੇ ਤਰਾਂ ਦੀ ਵੱਖਰੀ ਸੰਵਾਦ ਅਦਾਇਗੀ ਦਾ ਮੁਜ਼ਾਹਿਰਾ ਕਰਨਾਂ ਪੈ ਜਾਂਦਾ।



ਇਸ ਵਾਰ ਮੈਂ ਕੰਵਲ ਸਾਹਿਬ ਹੋਰਾਂ ਅੰਦਰ ਇੱਕ ਖਾਸ ਕਿਸਮ ਦੀ ਤਬਦੀਲੀ ਵੇਖੀ। ਉਹ ਮੇਰੇ ਸੁਆਲਾਂ ਦੇ ਜੁਆਬ ਜਿੱਥੇ ਬੜੀ ਉਤਸੁਕਤਾ, ਦੂਰ ਦ੍ਰਿਸ਼ਟੀ, ਅਤੇ ਵਿਸਥਾਰ ਨਾਲ ਦੇ ਰਹੇ ਸਨ, ਉੱਥੇ ਉਹ ਇੱਕ ਗੱਲ ਵਾਰ ਵਾਰ ਪਤਾ ਨੀਂ ਕਿਉਂ ਦੁਹਰਾ ਰਹੇ ਸਨ-'' ਹਾਇ ਉਇ ਉਜਾੜਤਾ ਮੇਰਾ ਪੰਜਾਬ ਇਹਨਾਂ ਨੇ, ਪਤਾ ਨੀਂ ਕਿਉਂ ਉਜਾੜਤਾ”। ਹਰ ਦੂਜੇ ਚੌਥੇ ਜੁਆਬ ਤੋਂ ਬਾਦ ਉਹਨਾਂ ਨੇ ਇਹ ਗੱਲ ਕਹਿਣੀਂ ਹੀ ਹੁੰਦੀ ਸੀ।



ਮੁਲਾਕਾਤ ਦੀ ਸ਼ੂਟਿੰਗ ਵਾਲਾ ਦੌਰ ਖਤਮ ਹੋਣ ਤੋਂ ਬਾਦ ਜਦੋਂ ਅਸੀਂ ਦੁਪਹਿਰ ਦਾ ਖਾਣਾਂ ਖਾਣ ਬੈਠੇ ਤਾਂ ਕੰਵਲ ਸਾਹਿਬ ਦੀ ਇਸ ਕਹਿਣੀਂ ਬਾਰੇ ਅਸੀਂ ਸਾਰਿਆਂ ਨੇ ਇੱਕੋ ਗੱਲ ਵਿਚਾਰੀ ਕਿ ਇਹ ਖਿਆਲ ਤਾਂ ਉਹਨਾਂ ਦੇ ਦਿਮਾਗ ਵਿੱਚ ਅਜੋਕੀ ਸਿਆਸਤ ਤੋਂ ਨਿਰਾਸ਼ ਹੋਕੇ ਹੀ ਅੰਕਿਤ ਹੋਇਆ ਹੋਵੇਗਾ। ਜਿਸ ਬਾਰੇ ਪ੍ਰੀਵਾਰ ਦੇ ਮੈਂਬਰਾਂ ਨੇ ਵੀ ਦੱਸਿਆ ਕਿ ਉਹ ਹਰ ਰੋਜ਼ ਇੱਕ ਅੱਧ ਵਾਰ ਇਸ ਵਾਕ ਨੂੰ ਜਰੂਰ ਦੁਹਰਾਉਂਦੇ ਹਨ।

ਸਿਆਸਤ ਦਾ ਤਾਂ ਪਤਾ ਨਹੀਂ ਪਰ ਅੱਜ ਦੇ ਗੰਧਲੇ ਮਾਹੌਲ ਦਾ ਕਿੰਨਾਂ ਕੁ ਪ੍ਰਭਾਵ ਪਿੰਡਾਂ ਅੰਦਰ ਫ਼ੈਲ ਚੁਕਿਆ ਹੈ, ਇਸ ਗੱਲ ਦਾ ਅੰਦਾਜ਼ਾ ਤਾਂ ਸਾਨੂੰ ਉਦੋਂ ਹੋਇਆ ਜਦੋਂ ਅਸੀਂ ਦੁਪਹਿਰ ਤੋਂ ਬਾਦ ਪਿੰਡ ਢੁੱਡੀਕੇ ਦੀਆਂ ਗਲੀਆਂ ਅਤੇ ਉਹਨਾਂ ਘਰਾਂ ਅਤੇ ਥਾਵਾਂ ਉੱਪਰ ਗਏ ਜਿੱਥੇ ਅਕਸਰ ਕੰਵਲ ਹੋਰਾਂ ਦਾ ਆਉਣਾਂ ਜਾਣਾਂ ਹੁੰਦਾ ਰਹਿੰਦਾ ਹੈ।



ਆਪਣੇਂ ਇਲਾਕੇ ਵਿੱਚ ਬਣਿਆ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਸਕੂਲ, ਕਾਲਜ ਤਾਂ ਜਿਵੇਂ ਅੱਜ ਦੀ ਪੀੜ੍ਹੀ ਨੂੰ ਨਜ਼ਰ ਹੀ ਨਹੀਂ ਆਉਂਦਾ। ਹਰ ਵਿਦਿਆਰਥੀ ਚੰਡੀਗੜ੍ਹ ਦੇ ਪੀ.ਜੀ. ਕਲਚਰ ਵਿੱਚ ਵਸਣ ਲਈ ਉਤਾਵਲਾ ਹੈ। ਜੇ ਉਸਦਾ ਦਾਖਲਾ ਵੀ ਹੋਵੇ ਤਾਂ ਚੰਡੀਗੜ੍ਹ ਜਾਂ ਉਸਦੇ ਆਲੇ ਦੁਆਲੇ ਦੇ ਸਕੂਲਾਂ ਕਾਲਜਾਂ ਵਿੱਚ ਹੀ। ਛੇਤੀ ਛੇਤੀ ਉਹ ਉੱਥੋਂ ਦਾ ਪੁਸ਼ਾਕ ਕਲਚਰ ਅਪਨਾਉਣ ਅਤੇ ਫਟਾਫਟ ਅੰਗਰੇਜ਼ੀ ਬੋਲਣ ਲੱਗ ਪੈਣ। ਸਾਊਥ ਇੰਡੀਅਨ, ਚਾਈਨੀਜ਼ ( ਇਡਲੀ, ਬੜਾ, ਸਾਂਭਰ,ਪੀਜ਼ਾ, ਡੋਸਾ, ਪਾਓ ਬੜਾ, ਪਾਓ ਭਾਜੀ, ਉੱਤਪਮ, ਚਾਊਮਿਨ ਆਦਿ.. ) ਨੂੰ ਆਪਣੇਂ ਰੋਜ਼ ਦੇ ਖਾਣੇਂ ਵਿੱਚ ਸ਼ਾਮਿਲ ਕਰ ਲੈਣ।ਲੇਕ ਸਾਹਮਣੇਂ ਘੁੰਮਣ,ਪੱਬਾਂ,ਕਲੱਬਾਂ ਦਾ ਆਨੰਦ ਮਾਨਣ ਅਤੇ ਆਈਲਿਟਸ ਜਾਂ ਜੀ-ਮੈਟ ਪਰਕੇ ਬਦੇਸ਼ਾ ਨੂੰ ਚਲੇ ਜਾਣ।



ਪਿੰਡ ਢੁੱਡੀਕੇ ਦੀਆਂ ਗਲੀਆਂ ਵਿੱਚ ਘੁੰਮਦਿਆਂ ਸਾਨੂੰ ਇਸ ਗੱਲ ਦਾ ਡੂੰਘਾ ਅਹਿਸਾਸ ਹੋ ਗਿਆ ਕਿ ਅੱਜ ਦੀ ਨੌਜਵਾਨ ਪੀੜ੍ਹੀ ਅੱਜਕੱਲ੍ਹ ਕੀ ਚਾਹੁੰਦੀ ਹੈ। ਅਸੀਂ ਪੰਜਾਬੀ ਸਿਨੇਮਾਂ ਨੂੰ ਪ੍ਰਫ਼ੁੱਲਤ ਕਰਨ ਦੀ ਦੁਹਾਈ ਬਾਰ ਬਾਰ ਪਾਉਂਦੇ ਹਾਂ। ਇਸ ਗੱਲ ਬਾਰੇ ਚਿੰਤਾਤੁਰ ਹਾਂ ਕਿ ਸਾਡੀਆਂ ਫਿਲਮਾਂ ਦਾ ਦਰਸ਼ਕ ਉਹਨਾਂ ਤੋਂ ਦੂਰ ਕਿਉਂ ਚਲਿਆ ਗਿਆ ਹੈ? ਪਰ ਸਥਿਤੀ ਇਹ ਹੈ ਕਿ ਪੰਜਾਬ ਦੇ ਪਿੰਡਾਂ ਵਿੱਚ ਪੰਜਾਬੀ, ਹਿੰਦੀ ਫਿਲਮਾਂ ਤਾਂ ਦੂਰ ਦੀ ਗੱਲ ਉੱਥੇ ਤਾਂ ਹੁਣ ਹਿੰਦੀ ਵਿੱਚ ਡੱਬ ਹੋਈਆਂ ਹਾਲੀਵੁੱਡ ਦੀਆਂ ਫਿਲਮਾਂ ਦੀਆਂ ਸ਼ੀ.ਡੀ.'ਜ਼ ਹੀ ਨੌਜੁਆਨ ਪੀੜ੍ਹੀ ਕੋਲ ਵੇਖਣ ਨੂੰ ਮਿਲਦੀਆਂ ਨੇ। ਬੱਚਾ ਬੱਚਾ ਜੈਕੀ ਚੈਨ ਦਾ ਦੀਵਾਨਾਂ ਹੈ। ਕਾਰਨ ਸਾਫ਼ ਹੈ ਕਿ ਅਸੀਂ ਖੁਦ ਉਸ ਲੈਵਲ ਦੀ ਫਿਲਮ ਮੇਕਿੰਗ ਉਹਨਾਂ ਨੂੰ ਦੇ ਹੀ ਨਹੀਂ ਸਕੇ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਸਾਡਾ ਇਤਿਹਾਸ ਸਿੱਖ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਤਾਂ ਜਰੂਰ ਪਿਆ ਹੈ ਪਰ ਉਸ ਨੂੰ ਕਿੰਨੀ ਕੁ ਦੁਨੀਆਂ ਜਾਣਦੀ ਹੈ। ਦੂਜੇ ਪਾਸੇ ਗੋਰਿਆ ਦਾ ਇੱਕੋ ਇੱਕ ਜੀਸਸ ਕਰਾਈਸਟ ਹੈ ਉਸਦੇ ਜਨਮ ਦਿਹਾੜੇ ਦੀ ਵੀ ਸਾਡੇ ਦੇਸ਼ ਵਿੱਚ ਕੌਮੀਂ ਛੁੱਟੀ ਹੁੰਦੀ ਹੈ। ਮਤਲਬ ਸਾਫ਼ ਹੈ ਕਿ ਅਸੀਂ ਆਪਣੀਂ ਕਿਸੇ ਵੀ ਉਪਜ ਵਾਸਤੇ ਕੋਈ ਪ੍ਰਚਾਰ ਦਾ ਵਸੀਲਾ ਵਰਤਦੇ ਹੀ ਨਹੀਂ। ਸਾਨੂੰ ਸ਼ੌਕ ਪੈਦਾ ਹੋ ਗਿਆ ਹੈ ਆਪਣੀਂ ਮਾਂ ਬੋਲੀ ਨੂੰ ਭੁਲਾਉਣ ਦਾ। ਅਸੀਂ ਦੂਜੇ ਦੀ ਥਾਲੀ ਵਿੱਚ ਮੂੰਹ ਮਾਰਨ ਦੇ ਆਦੀ ਹੋ ਗਏ ਹਾਂ। ਸਾਡੇ ਸਰਕਾਰੀ ਸਕੂਲਾਂ ਦਾ ਪੱਧਰ ਮਰਨ ਕਿਨਾਰੇ ਹੈ। ਲੱਖ ਧਰਨੇਂ ਦੇਣ , ਦੋ ਦੋ ਕੇਂਦਰੀ ਪੰਜਾਬੀ ਲੇਖਕ ਸਭਾਵਾਂ ਬਨਾਉਣ ਦੇ ਬਾਵਜੂਦ ਅਸੀਂ ਅਜੇ ਤੱਕ ਪੰਜਾਬੀ ਲਾਗੂ ਨਹੀਂ ਕਰਵਾ ਸਕੇ ਸਰਕਾਰੀ ਦਫ਼ਤਰਾਂ ਵਿੱਚ।ਪਿੰਡਾਂ ਤੋਂ ਸ਼ਹਿਰਾਂ ਵੱਲ ਇਉੰ ਭੱਜਣ ਲੱਗ ਪਏ ਹਾਂ ਜਿਵੇਂ ਗੋਰੇ ਗਿਰਜ਼ਾ ਘਰ ਵੱਲ ਭੱਜਦੇ ਨੇ। ਜੇ ਭੱਜਣਾਂ ਹੀ ਹੈ ਤਾਂ ਗੁਰਦੁਆਰੇ, ਮੰਦਰ, ਮਸੀਤ ਵੱਲ ਭੱਜੋ, ਸਕੂਲਾਂ ਵੱਲ ਭੱਜੋ, ਕਾਰਖਾਨਿਆਂ, ਖੇਤਾਂ ਵੱਲ ਭੱਜੋ। ਪਰ ਨਹੀਂ ਅਸੀਂ ਤਾਂ ਆਪਣੇਂ ਆਪ ਤੋਂ ਦੂਰ ਭੱਜਣ ਦਾ ਜਦੋਂ ਫੈਸਲਾ ਕਰ ਹੀ ਲਿਆ ਹੈ ਤਾਂ ਫਿਰ ਭਲਾ ਇਹੋ ਜਿਹੀ ਸੋਚ ਵਾਲੇ ਪੰਜਾਬ ਨੂੰ ਉਜੜਨ ਤੋਂ ਕੌਣ ਬਚਾ ਸਕਦਾ ਹੈ ?



ਬਰਫ਼ ਦੀ ਚੂਸਾ ਕੁਲਫ਼ੀ ਵਾਲੇ ਸਾਈਕਲ ਤਾਂ ਪਿੰਡਾਂ ਵਿੱਚੋਂ ਕਦੋਂ ਦੇ ਗਾਇਬ ਹੋ ਚੁੱਕੇ ਨੇ। ਹੁਣ ਤਾਂ ਫਰੂਟ ਫ਼ਲੇਵਰ ਆਈਸਕਰੀਮ ਵਾਲਾ ਹੀ ਪਿੰਡ ਵਿੱਚ ਆਉਂਦਾ ਹੈ। ਪੂਰੇ ਪਿੰਡ ਵਿੱਚ ਸ਼ਾਮ ਨੂੰ ਦਾਣੇਂ ਭੁੰਨਣ ਵਾਲੀ ਭੱਠੀ ਕਿਧਰੇ ਵੀ ਨਜ਼ਰ ਨਹੀਂ ਪਈ, ਬਲਕਿ ਸਾਡੀ ਹੈਰਾਨੀਂ ਦੀ ਤਾਂ ਉਦੋਂ ਹੱਦ ਹੀ ਮੁੱਕ ਗਈ ਜਦੋਂ ਕੰਵਲ ਸਾਹਿਬ ਦੇ ਘਰ ਸਾਹਮਣੇਂ ਮੱਕੀ ਦੀਆਂ ਛੱਲੀਆਂ ਭੁੰਨਕੇ ਵੇਚਣ ਵਾਲਾ ਆਇਆ ਅਤੇ ਉਹ ਛੱਲੀਆਂ ਉਹਨਾਂ ਬਜ਼ੁਰਗਾਂ ਨੇ ਸਾਡੀਆਂ ਅੱਖਾਂ ਸਾਹਮਣੇਂ ਖਰੀਦਕੇ ਖਾਧੀਆਂ ਜਿਹਨਾਂ ਨੇ ਕਦੇ ਆਪਣੇਂ ਤੋਂ ਦੁੱਗਣੇਂ ਕੱਦ ਦੀ ਮੱਕੀ ਆਪਣੇਂ ਖੇਤਾਂ ਵਿੱਚ ਪੈਦਾ ਕੀਤੀ ਹੋਣੀਂ ਐ। ਉਹਨਾਂ ਨੂੰ ਛੱਲੀਆਂ ਖਾਂਦਿਆਂ ਵੇਖਕੇ ਅਸੀਂ ਪਿੱਠ ਭੁਆਈ ਹੀ ਸੀ ਕਿ ਸਾਹਮਣੇਂ ਸਾਹਮਣੇਂ ਗੰਨੇ ਦਾ ਰਸ ਕੱਢਕੇ ਵੇਚਣ ਵਾਲਾ ਆਪਣਾਂ ਪੀਟਰ ਇੰਜ਼ਣ ਖਿੱਚੀ ਤੁਰਿਆ ਆ ਰਿਹਾ ਸੀ ਅਤੇ ਮੇਰੇ ਦੇਖਦਿਆਂ ਦੇਖਦਿਆਂ ਉਹ ਅੋਰਤਾਂ ਉਸ ਰਸ ਵਾਲੇ ਵੱਲ ਖਿਸਕ ਗਈਆਂ ਜਿਹਨਾਂ ਤੋਂ ਮੈਂ ਜਸਵੰਤ ਸਿੰਘ ਕੰਵਲ ਹੋਰਾਂ ਬਾਰੇ ਕੁੱਝ ਪੁੱਛਣਾਂ ਚਾਹਿਆ ਸੀ। ਮੈਂ ਅਤੇ ਸੁਮੇਲ ਨੇ ਇੱਕ ਦੂਜੇ ਵੱਲ ਵੇਖਿਆ ਅਤੇ ਸਾਡੀ ਆਪਣੇਂ ਆਪ ਹੀ ਨੀਂਵੀਂ ਜਿਹੀ ਪੈ ਗਈ।



ਪੂਰਾ ਦਿਨ ਘੁੰਮਣ ਤੋਂ ਬਾਦ ਮੇਰੀ ਟੀਮ ਕੰਵਲ ਸਾਹਿਬ ਦੀ ਲਿਖਣਗਾਹ ਉੱਪਰ ਇਸ ਉਮੀਦ ਨਾਲ ਪਹੁੰਚੀ ਕਿ ਚੁਬੱਚੇ ਵਿੱਚ ਠੰਡੇ ਠਾਰ ਪਾਣੀਂ ਨਾਲ ਨਹਾਉਣ ਤੋਂ ਬਾਦ ਹੁਣ ਕੰਵਲ ਸਾਹਿਬ ਨਾਲ ਨਿੱਜੀ ਗੱਲਾਂ ਕਰਾਂਗੇ ਤਾਂ ਪਤਾ ਲੱਗਾ ਕਿ ਬਿਜਲੀ ਤਾਂ ਸਵੇਰ ਤੋਂ ਹੀ ਗੁੱਲ ਹੈ ਜਿਹੜੀ ਕਿ ਉਸਦੀ ਰੋਜ਼ ਦੀ ਆਦਤ ਹੈ।ਸਾਡਾ ਸਾਰਾ ਉਤਸ਼ਾਹ ਠੰਡਾ ਪੈ ਗਿਆ। ਗਰਮੀਂ ਨਾਲ ਹਾਲੋਂ ਬੇਹਾਲ ਹੋਏ ਕੰਵਲ ਸਾਹਿਬ ਇਹ ਕਹਿੰਦੇ ਹੋਏ ਸਾਡੇ ਕੋਲੋਂ ਗੁਜ਼ਰ ਗਏ।''ਹਾਇ ਉਇ ਉਜਾੜਤਾ ਮੇਰਾ ਪੰਜਾਬ ਇਹਨਾਂ ਨੇ, ਪਤਾ ਨੀਂ ਕਿਉੰ ਉਜਾੜਤਾ”।



ਰਾਤ ਪੈ ਗਈ ਸਾਡੀ ਕੈਮਰਾ ਟੀਮ ਨੂੰ ਫਿਕਰ ਪੈ ਗਿਆ ਕਿ ਅਗਲੇ ਦਿਨ ਦੀ ਸ਼ੂਟਿੰਗ ਲਈ ਬੈਟਰੀਆਂ ਕਿਵੇਂ ਚਾਰਜ ਹੋਣਗੀਆਂ ? ਰਾਤ ਦੇ ਦਸ ਵੱਜ ਗਏ, ਹੋਰ ਕੋਈ ਚਾਰਾ ਨਾਂ ਚੱਲਦਾ ਵੇਖਕੇ ਉਹਨਾਂ ਨੇ ਕਾਰ ਦੀ ਬੈਟਰੀ ਨਾਲ ਹੀ ਕੱਲ• ਦੇ ਗੁਜ਼ਾਰੇ ਜੋਗੀਆਂ ਬੈਟਰੀਆਂ ਚਾਰਜ ਕਰ ਲਈਆਂ।



ਸਵੇਰ ਹੋਈ। ਮਾਲਵੇ ਦੇ ਪਿੰਡ ਵਿੱਚ ਆਏ ਸੀ ਤਾਂ ਜਰੂਰੀ ਸੀ ਕਿ ਲੱਸੀ ਦਾ ਪ੍ਰਬੰਧ ਕੀਤਾ ਜਾਵੇ। ਮੇਰੇ ਪ੍ਰੋਡਕਸ਼ਨ ਬੁਆਏ ਕੋਲਡ ਡਰਿੰਕ ਵਾਲੀਆਂ ਖਾਲੀ ਬੋਤਲਾਂ ਲੈਕੇ ਪਿੰਡ ਵਿੱਚ ਨਿੱਕਲ ਗਏ ਅਤੇ ਦੋ ਘੰਟੇ ਬਾਦ ਹੱਥ ਲਮਕਾਉਂਦੇ ਵਾਪਿਸ ਆ ਗਏ। ਕਿਉਂਕਿ ਪੂਰੇ ਪਿੰਡ ਦਾ ਦੁੱਧ ਦਿੱਲੀ ਦਾ ਕੋਈ ਡੇਅਰੀ ਫ਼ਾਰਮ ਖਰੀਦਕੇ ਲੈ ਜਾਂਦਾ ਸੀ ਅਤੇ ਲੋਕ ਫੇਰ ਤੋੰ ਮਾਰੂ ਚਾਹ ਪੀਣ ਦੇ ਆਦੀ ਹੋ ਗਏ ਸਨ। ਲੱਸੀ ਤੋਂ ਮਿਲੀ ਨਿਰਾਸਤਾ ਨੂੰ ਵੇਖਕੇ ਕੰਵਲ ਸਾਹਿਬ ਪਹਿਲਾਂ ਮੇਰੇ ਵੱਲ ਵੇਖਕੇ ਖੂਬ ਹੱਸੇ ਅਤੇ ਇਹ ਕਹਿਕੇ 'ਹਾਇ ਉਇ ਉਜਾੜ ਲਿਆ ਆਪਣਾਂ ਪੰਜਾਬ ਇਹਨਾਂ ਨੇ, ਆਪਣੇਂ ਹੱਥੀਂ ਉਜਾੜ ਲਿਆ', ਲਾਲਾ ਲਾਜਪਤ ਰਾਇ ਮੈਮੋਰੀਅਲ ਵੱਲ ਚੱਲ ਪਏ ਜਿੱਥੇ ਉਹਨਾਂ ਦਾ ਜਨਮ ਦਿਨ ਮਨਾਇਆ ਜਾਣਾਂ ਸੀ।



ਸਾਡੇ ਕੈਮਰੇ ਪਹਿਲਾਂ ਹੀ ਉੱਥੇ ਫਿਟ ਹੋ ਚੁੱਕੇ ਸਨ। ਧੂੰਆਂਧਾਰ ਭਾਸ਼ਣ ਹੋਣ ਲੱਕ ਪਏ।ਰਸਮੀਂ ਜਿਹਾ ਜਨਮ ਦਿਨ ਮੁਬਾਰਕਬਾਦ ਕਹਿਣ ਤੋਂ ਬਾਦ ਹਰ ਕੋਈ ਆਪਣੇਂ ਅੰਦਰੋਂ ਉੱਧੜਨਾਂ ਸ਼ੁਰੂ ਹੋ ਜਾਂਦਾ। ਕੰਵਲ ਸਾਹਿਬ ਦੇ ਉੱਜੜੇ ਹੋਏ ਪੰਜਾਬ ਵਿੱਚ ਪੰਜਾਬ ਦਾ ਮਾਣ - ਜਸਵੰਤ ਸਿੰਘ ਕੰਵਲ ਕਹਿਣ ਵਾਲਿਆਂ ਦੀ ਗਿਣਤੀ ਅਜੇ ਵੀ ਬਹੁਤ ਸੀ । ਜਿੱਥੇ ਹੰਸ ਰਾਜ ਹਲਵਾਈ ਦੇ ਲੱਡੂਆਂ ਦਾ ਸਵਾਦ ਤਾਂ ਸਭ ਨੇ ਚੱਖ ਲਿਆ ਪਰ ਕਿਸੇ ਤੋਂ ਵੀ ਗੁੜ ਦੀ ਰੋੜੀ ਕੰਵਲ ਸਾਹਿਬ ਦੇ ਮੂੰਹ ਵਿੱਚ ਨਾਂ ਪਾਈ ਗਈ ।



ਲੇਖਕ : ਦਰਸ਼ਨ ਦਰਵੇਸ਼

੦੦੦੦੦੦੦੦੦੦੦੦੦੦੦

No comments:

Post a Comment